ਪਰਿਵਾਰਕ ਕਾਨੂੰਨ ਦੀਆਂ ਅਪੀਲਾਂ
ਬੀ.ਸੀ. ਸੁਪਰੀਮ ਕੋਰਟ (Supreme Court of BC) ਅਤੇ ਬੀ.ਸੀ. ਅਪੀਲ ਅਦਾਲਤ (BC Court of Appeal) ਵਿੱਚ ਅਪੀਲਾਂ ਦਾ ਕੰਮ।
ਅਪੀਲ ਦੂਜਾ ਮੌਕਾ ਨਹੀਂ ਹੁੰਦੀ — ਇਹ ਸਿਰਫ਼ ਸਪਸ਼ਟ ਗ਼ਲਤੀ ਦੀ ਇੱਕ ਸੀਮਤ ਸਮੀਖਿਆ ਹੈ। ਅਪੀਲ ਲਈ ਬਹੁਤ ਤਿਆਰੀ ਕਰਨੀ ਪੈਂਦੀ ਹੈ, ਅਤੇ ਅਪੀਲ ਦਾ ਨੋਟਿਸ (notice of appeal) ਦਾਇਰ ਕਰਨ ਦੀਆਂ ਸਖ਼ਤ ਸਮਾਂ-ਸੀਮਾਵਾਂ ਹਨ।
ਅਪੀਲ ਅਸਲ ਵਿੱਚ ਕੀ ਹੈ
ਜ਼ਿਆਦਾਤਰ ਮਾਮਲਿਆਂ ਵਿੱਚ, ਜੱਜ ਦਾ ਫ਼ੈਸਲਾ ਕਿਸੇ ਮੁੱਦੇ ’ਤੇ ਆਖ਼ਰੀ ਫ਼ੈਸਲਾ ਹੁੰਦਾ ਹੈ। ਪਰ ਕਦੇ-ਕਦਾਈਂ, ਬਹੁਤ ਘੱਟ ਮਾਮਲਿਆਂ ਵਿੱਚ, ਜੱਜ ਤੋਂ ਗ਼ਲਤੀ ਹੋ ਜਾਂਦੀ ਹੈ ਅਤੇ ਫ਼ੈਸਲਾ ਗ਼ਲਤ ਹੋ ਜਾਂਦਾ ਹੈ। ਅਪੀਲ ਇੱਕ ਪ੍ਰਕਿਰਿਆ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਾਡੀਆਂ ਅਦਾਲਤਾਂ ਵਿੱਚ ਨਿਆਂ ਨਿਰਪੱਖ ਅਤੇ ਸਹੀ ਢੰਗ ਨਾਲ ਹੋਵੇ। ਅਪੀਲ ਦੂਜਾ ਮੌਕਾ ਨਹੀਂ ਹੁੰਦੀ — ਭਾਵ, ਅਪੀਲ ਮੁਕੱਦਮੇ ਦੀ ਮੁੜ ਸੁਣਵਾਈ ਨਹੀਂ ਹੁੰਦੀ। ਕਿਸੇ ਮਾਮਲੇ ਦੀ ਸਮੀਖਿਆ ਕਰਦੇ ਸਮੇਂ, ਅਪੀਲ ਸੁਣਨ ਵਾਲਾ ਜੱਜ ਇਹ ਵੇਖਦਾ ਹੈ ਕਿ ਕੀ ਪਹਿਲਾਂ ਫ਼ੈਸਲਾ ਕਰਨ ਵਾਲੇ ਨੇ ਮਾਮਲੇ ਦੇ ਤੱਥਾਂ ਨੂੰ ਸਮਝਣ ਵਿੱਚ ਗ਼ਲਤੀ ਕੀਤੀ, ਜਾਂ ਕਾਨੂੰਨ ਦੀ ਵਿਆਖਿਆ ਕਰਨ ਵਿੱਚ ਗ਼ਲਤੀ ਕੀਤੀ। ਗ਼ਲਤੀ ਸਪਸ਼ਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਸ ਗ਼ਲਤੀ ਦਾ ਮਾਮਲੇ ਦੇ ਨਤੀਜੇ ’ਤੇ ਇੰਨਾ ਵੱਡਾ ਅਸਰ ਪਿਆ ਹੋਣਾ ਚਾਹੀਦਾ ਹੈ ਕਿ ਉਸ ਕਾਰਨ ਗ਼ਲਤ ਜਾਂ ਗ਼ੈਰ-ਵਾਜਬ ਫ਼ੈਸਲਾ ਹੋਇਆ ਹੋਵੇ।
ਸਖ਼ਤ ਸਮਾਂ-ਸੀਮਾਵਾਂ
ਅਪੀਲ ਲਈ ਬਹੁਤ ਜ਼ਿਆਦਾ ਤਿਆਰੀ ਅਤੇ ਕੰਮ ਦੀ ਲੋੜ ਹੁੰਦੀ ਹੈ, ਅਤੇ ਇਸ ਕਰਕੇ ਅਪੀਲ ਕਰਨਾ ਮਹਿੰਗਾ ਪੈਂਦਾ ਹੈ। ਅਪੀਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਹਮੇਸ਼ਾ ਕਾਨੂੰਨੀ ਰਾਇ ਲੈਣੀ ਚਾਹੀਦੀ ਹੈ। ਅਪੀਲ ਦਾ ਨੋਟਿਸ ਦਾਇਰ ਕਰਨ ਦੀਆਂ ਸਖ਼ਤ ਸਮਾਂ-ਸੀਮਾਵਾਂ ਹਨ। ਜੇ ਤੁਹਾਡਾ ਅਪੀਲ ਬਾਰੇ ਕੋਈ ਸਵਾਲ ਹੈ, ਤਾਂ ਜਿੰਨੀ ਛੇਤੀ ਹੋ ਸਕੇ ਕਾਨੂੰਨੀ ਸਲਾਹ ਲਓ, ਤਾਂ ਜੋ ਕੋਈ ਆਖ਼ਰੀ ਤਾਰੀਖ਼ ਨਾ ਲੰਘ ਜਾਵੇ।